ਸੰਗ-ਸ਼ਰਮ ਦੀ ਘੁੰਡ ਦੇ ਓਹਲੇ
ਅੱਖਰ ਮਾਰ `ਤੇ ਪੋਹਲੇ-ਪੋਹਲੇ
ਵਲੈਤਣ ਸਿਖ ਲਈ ਸੋਹਲੇ-ਸੋਹਲੇ ,
`ਤੇ ਆਪਣੇ ਹੱਥੀਂ ਬੇਦਖ਼ਲ ਕਰ `ਤੀ
ਜੋ ਮਾਤ ਮੇਰੀ ਪੰਜਾਬੀ ਸੀ ,
ਹੁਣ ਭਾਵੇਂ ਮੈਂ ਬੋਲਦਾ ਨਹੀਂ
ਪਰ ਉਂਝ ਜਮਾਤ ਮੇਰੀ ਪੰਜਾਬੀ ਸੀ ।
ਖੁੱਲੇ ਵੇਹੜੇ ਤਾਰਿਆਂ ਦੀ ਛਾਂਵੇਂ
ਡਾਹ ਵਾਣ ਦੇ ਮੰਜੇ ਥਾਂਵੋਂ-ਥਾਂਵੇਂ
ਪਾ ਲੱਤ ਕੜਿੰਗੀ ਸਿਰ ਧਰ ਕੇ ਬਾਹਵੇਂ ,
ਸੌਣਾ ਸੁਣਕੇ ਮਾਂ ਤੋਂ ਮਿੱਠੀ ਜੇਹੀ ਲੋਰੀ
ਉਹ ਹਰ ਰਾਤ ਮੇਰੀ ਪੰਜਾਬੀ ਸੀ ,
ਹੁਣ ਭਾਵੇਂ ਮੈਂ ਬੋਲਦਾ ਨਹੀਂ
ਪਰ ਉਂਝ ਜਮਾਤ ਮੇਰੀ ਪੰਜਾਬੀ ਸੀ ।
ਇੱਕ ਨਾਲ ਸੀ ਪੜਦੀ ਜੋ ਲਾਗਲੇ ਪਿੰਡ ਦੀ
ਕੱਚੀ ਡੰਡੀ `ਤੇ ਜਾਂਦੀ ਸੀ ਮਹਿਕਾਂ ਵੰਡਦੀ
ਤਿੱਖੀਆਂ ਅੱਖਾਂ ਦੇ ਨਾਲ ਹਿੱਕ ਸੀ ਚੰਡਦੀ ,
ਜੇਹਦੀ ਬਾਂਹ ਫੜੀ ਸੀ ਜੱਟ ਦੇ ਮੂਸਲ ਓਹਲੇ
ਉਹ ਪਹਿਲੀ ਮੁਲਾਕਾਤ ਮੇਰੀ ਪੰਜਾਬੀ ਸੀ ,
ਹੁਣ ਭਾਵੇਂ ਮੈਂ ਬੋਲਦਾ ਨਹੀਂ
ਪਰ ਉਂਝ ਜਮਾਤ ਮੇਰੀ ਪੰਜਾਬੀ ਸੀ ।
ਜਦ ਹੌਂਸਲੇ ਗ਼ਰੀਬੀ ਮੂਹਰੇ ਹਾਰ ਥੱਕੇ ਸੀ
ਜਦ ਹੌਂਸਲੇ ਗ਼ਰੀਬੀ ਮੂਹਰੇ ਹਾਰ ਥੱਕੇ ਸੀ
ਨਿਕਲੇ ਪਿੰਡੋਂ ਮੋਢਿਆਂ ਉੱਤੇ ਭਾਰ ਚੱਕੇ ਸੀ
ਆ ਵੱਡੇ ਸ਼ਹਿਰਾਂ ਦੇ ਵਿੱਚ ਖਾਦੇ ਧੱਕੇ ਸੀ ,
ਜੋ ਸ਼ਾਹ ਤੋਂ ਚੱਕ ਪਾਈ ਸੀ ਵਿੱਚ ਬੋਝੇ ਦੇ
ਉਹ ਭਾਗਾਂ ਵਾਲੀ ਖੈਰਾਤ ਮੇਰੀ ਪੰਜਾਬੀ ਸੀ ,
ਹੁਣ ਭਾਵੇਂ ਮੈਂ ਬੋਲਦਾ ਨਹੀਂ
ਪਰ ਉਂਝ ਜਮਾਤ ਮੇਰੀ ਪੰਜਾਬੀ ਸੀ ।
ਹੁਣ ਪੂਰਾ "ਓ ਅ" ਕਿੱਥੇ ਆਵੇ
ਹੁਣ ਪੂਰਾ "ਓ ਅ" ਕਿੱਥੇ ਆਵੇ
"ਗ ਘ", "ਜ ਝ" ਜਾਨ ਫ਼ਸਾਵੇ
"ਢ ੜ" ਤਾਂ ਗਲ਼ ਵਿੱਚ ਹੀ ਅੜਦਾ ਜਾਵੇ ,
ਹੁਣ ਤਾਂ 'ਛੱਬੀ ਅੱਖਰੀ' ਮਾਰ ਗਈ "ਪੈਂਤੀ" ਨੂੰ
ਪਰ ਪਹਿਲਾਂ ਸਾਰੀ ਗੱਲਬਾਤ ਮੇਰੀ ਪੰਜਾਬੀ ਸੀ ,
ਹੁਣ ਭਾਵੇਂ ਮੈਂ ਬੋਲਦਾ ਨਹੀਂ
ਪਰ ਉਂਝ ਜਮਾਤ ਮੇਰੀ ਪੰਜਾਬੀ ਸੀ ।
ਹੁਣ ਭਾਵੇਂ ਮੈਂ ਬੋਲਦਾ ਨਹੀਂ
ਪਰ ਉਂਝ ਜਮਾਤ ਮੇਰੀ ਪੰਜਾਬੀ ਸੀ ।।
Comments
Post a Comment
Thanks for your valuable time and support. (Arun Badgal)